ਓਨਟਾਰੀਓ, 11 ਜੂਨ (ਪੋਸਟ ਬਿਊਰੋ) : ਐਤਵਾਰ ਦੁਪਹਿਰੇ ਸਿਟੀ ਦੇ ਪੱਛਮੀ ਸਿਰੇ ਉੱਤੇ ਸਥਿਤ ਲਿਟਲ ਇਟਲੀ ਵਿੱਚ ਕਾਰ ਚੋਰੀ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਦੇ ਦੋ ਅਧਿਕਾਰੀਆਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇੇ ਦੀ ਓਨਟਾਰੀਓ ਦੀ ਐਸਆਈਯੂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਐਤਵਾਰ ਦੁਪਹਿਰ ਨੂੰ ਇੱਕ ਗੱਡੀ ਚੋਰੀ ਹੋਣ ਦੀ ਰਿਪੋਰਟ ਦੇ ਕੇ ਅਧਿਕਾਰੀਆਂ ਨੂੰ ਓਸਿੰਗਟਨ ਐਵਨਿਊ ਦੇ ਪੂਰਬ ਵੱਲ ਕਾਲਜ ਸਟਰੀਟ ਤੇ ਰੌਕਸਟਨ ਰੋਡ ਇਲਾਕੇ ਵਿੱਚ ਸੱਦਿਆ ਗਿਆ। ਐਤਵਾਰ ਦੁਪਹਿਰ ਨੂੰ ਕੀਤੇ ਟਵੀਟ ਵਿੱਚ ਪੁਲਿਸ ਨੇ ਆਖਿਆ ਕਿ ਮੌਕੇ ਉੱਤੇ ਪਹੁੰਚਣ ਉਪਰੰਤ ਅਧਿਕਾਰੀਆਂ ਵੱਲੋਂ ਦੋ ਮਸ਼ਕੂਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੌਰਾਨ ਹੀ ਪੁਲਿਸ ਅਧਿਕਾਰੀਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ।
ਐਤਵਾਰ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸਆਈਯੂ) ਵੱਲੋਂ ਇਹ ਸਫਾਈ ਦਿੱਤੀ ਗਈ ਕਿ ਚੋਰੀ ਕਰਕੇ ਗੱਡੀ ਲਿਜਾ ਰਹੇ ਦੋ ਵਿਅਕਤੀਆਂ ਨਾਲ ਪੁਲਿਸ ਅਧਿਕਾਰੀਆਂ ਦਾ ਟਾਕਰਾ ਹੋ ਗਿਆ ਤੇ ਬਹਿਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।ਇਸ ਦੇ ਬਾਵਜੂਦ ਮਸ਼ਕੂਕ ਕਾਰ ਲੈ ਕੇ ਜਾਣ ਵਿੱਚ ਸਫਲ ਹੋ ਗਏ। ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਘੱਟੋ ਘੱਟ ਚਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ।
ਪੁਲਿਸ ਵੱਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਗੱਡੀ ਬਲੂਅਰ ਸਟਰੀਟ ਵੈਸਟ ਤੇ ਹੈਵਲੌਕ ਸਟਰੀਟ ਇਲਾਕੇ ਵਿੱਚ ਖੰਭੇ ਨਾਲ ਟਕਰਾ ਗਈ। ਐਸਆਈਯੂ ਵੱਲੋਂ ਪੁਸ਼ਟੀ ਕੀਤੀ ਗਈ ਕਿ ਗੱਡੀ ਵਿੱਚ ਸਵਾਰ 26 ਸਾਲਾ ਤੇ 45 ਸਾਲਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇੱਕ ਮਸ਼ਕੂਕ ਨੂੰ ਮਾਮੂਲੀ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ।