ਪੰਜਾਬ ਦੀ ਕੋਇਲ ਗਾਇਕਾ ਸੁਰਿੰਦਰ ਕੌਰ

0 minutes, 1 second Read

-ਅਵਤਾਰ ਸਿੰਘ
ਕੋਇਲ ਗਾਇਕਾ ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ‘ਚ ਹੋਇਆ।
ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਸਨ। ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ ਲਾਹੌਰ ਤੋਂ ਦਸਵੀਂ ਹੀ ਕਰ ਸਕੀ।14 ਸਾਲ ਦੀ ਉਮਰ ਵਿੱਚ 1942 ਨੂੰ ਪਹਿਲੀ ਵਾਰ ਸੁਰਿੰਦਰ ਕੌਰ ਨੇ ਰੇਡੀਉ ਸਟੇਸ਼ਨ ਲਾਹੌਰ ਤੋਂ ਆਪਣੀ ਹਾਜ਼ਰੀ ਲੁਆਈ।
ਉਸ ਨੇ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਕੋਈ ਪੰਜ ਸੌ ਤੋਂ ਵੀ ਵੱਧ ਗੀਤ ਇੱਕਠਿਆਂ ਮਿਲ ਕੇ ਗਾਏ, ਜਿਨ੍ਹਾਂ ਵਿੱਚ ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਨੀ ਮੈਨੂੰ ਦਿਉਰ ਦੇ ਵਿਆਹ ਦੇ ਵਿੱਚ ਨੱਚ ਲੈਣ ਦਿਉ, ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ, ਚੰਨ ਵੇ ਕਿ ਸ਼ੌਕਣ ਮੇਲੇ ਦੀ, ਬਾਜਰੇ ਦਾ ਸਿੱਟਾ ਤੇ ਹੋਰ ਗੀਤ ਹਨ।
ਸੁਰਿੰਦਰ ਕੌਰ ਦਾ ਵਿਆਹ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਫਿਰੋਜ਼ਪੁਰ ਫਿਰ ਬੰਬਈ ਚਲੀ ਗਈ, ਬੰਬਈ ਵਿੱਚ ਕਈ ਹਿੰਦੀ ਫਿਲਮਾਂ ਜਿਵੇਂ ਨਦੀਆ ਕੇ ਪਾਰ ਤੇ ਆਂਧੀਆਂ ਲਈ ਕਈ ਗੀਤ ਗਾਏ।
ਸੁਰਿੰਦਰ ਕੌਰ ਦੀਆਂ ਤਿੰਨ ਧੀਆਂ ਵਿੱਚੋਂ ਡੌਲੀ ਗੁਲੇਰੀਆਂ ਹੀ ਉਸਦੀ ਗਾਇਕੀ ਦੀ ਵਾਰਸ ਬਣੀ ਹੈ। ਸੁਰਿੰਦਰ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਡੀ ਲਿਟ’ ਦੀ ਡਿਗਰੀ ਤੇ ਭਾਰਤ ਸਰਕਾਰ ਨੇ ‘ਪਦਮ ਸ਼੍ਰੀ’ ਨਾਲ ਨਵਾਜਿਆ। ਇਸ ਤੋਂ ਇਲਾਵਾ ਉਸ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲਦੇ ਰਹੇ। ਪੰਜਾਬ ਦੀ ਇਸ ਮਕਬੂਲ ਗਾਇਕਾ 15 ਜੂਨ 2006 ਨੂੰ ਅਮਰੀਕਾ ਵਿੱਚ ਅਲਵਿਦਾ ਆਖ ਗਈ। ਪਰ ਉਸ ਵਲੋਂ ਗਾਏ ਗੀਤ ਉਸ ਪੀੜ੍ਹੀ ਦੇ ਹਰ ਪੰਜਾਬੀ ਦੀ ਜ਼ੁਬਾਨ ‘ਤੇ ਅੱਜ ਵੀ ਹਨ।

Similar Posts

Leave a Reply

Your email address will not be published. Required fields are marked *