ਕੇਂਦਰ ‘ਤੇ ਭੜਕੇ ਕੈਪਟਨ- ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ? ਲੋਕਾਂ ਦੀ ਆਵਾਜ਼ ਸੁਣਨਾ ਸਰਕਾਰਾਂ ਦਾ ਫਰਜ਼’

0 minutes, 26 seconds Read

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਕਿਉਂ ਅਪਣਾ ਰਹੀ ਹੈ ਅਤੇ ਉਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ’।

ਮੁੱਖ ਮੰਤਰੀ ਨੇ ਕਿਹਾ ਕਿ ‘ ਲੋਕਾਂ ਦੀ ਗੱਲ ਸੁਣਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ’। ਦੋਹਾਂ ਇਤਿਹਾਸਕ ਸਥਾਨਾਂ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ‘ਜੇਕਰ ਅਨੇਕਾਂ ਸੂਬਿਆਂ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨਾਂ ਵਿਚ ਤਿੱਖਾ ਸੰਘਰਸ਼ ਕਰ ਰਹੇ ਹਨ ਤਾਂ ਲਾਜਮੀ ਹੈ ਕਿ ਉਹ ਇਨਾਂ ਕਾਨੂੰਨਾਂ ਕਾਰਨ ਚਿੰਤਾ ਵਿਚ ਹਨ’। ਉਨਾਂ ਆਪਣੀ ਸਰਕਾਰ ਦੀ ਕਿਸਾਨਾਂ ਦੇ ਹੱਕ ਵਿਚ ਡਟਕੇ ਖੜਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਪ੍ਰਧਾਨ ਮੰਤਰੀ ਵਲੋਂ ਨਵੇਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਣ ਦੇ ਸਟੈਂਡ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਸ਼ੁਰੂ ਤੋਂ ਹੀ ਅਜਿਹਾ ਕਹਿ ਰਹੇ ਹਨ ਜਿਸ ਕਰਕੇ ਪੰਜਾਬ ਨੂੰ ਆਪਣੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਬਿੱਲ ਪਾਸ ਕਰਨੇ ਪਏ। ਉਨਾਂ ਰਾਜਪਾਲ ਵਲੋਂ ਬਿੱਲਾਂ ਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਥਾਂ ਆਪਣੇ ਕੋਲ ਰੱਖਣ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰਾਂ ਦੀ ਨਿਯੁਕਤੀ ਵੇਲੇ ਵੀ ਪਿਛਲੇ ਸਾਲ ਰਾਜਪਾਲ ਵਲੋਂ ਅਜਿਹਾ ਕੀਤਾ ਗਿਆ ਸੀ।

ਘੱਟੋ ਘੱਟ ਖਰੀਦ ਮੁੱਲ ਤੇ ਆੜਤੀ ਵਿਵਸਥਾ ਨੂੰ ਪੰਜਾਬ ਦੇ ਸਫਲ ਖੇਤੀ ਮਾਡਲ ਦਾ ਅਧਾਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਤੇ ਆੜਤੀਆਂ ਵਿਚਕਾਰ ਗਹਿਰਾ ਰਿਸ਼ਤਾ ਹੈ, ਜਿਸ ਕਰਕੇ ਅਜਿਹੀ ਸੁਚੱਜੀ ਵਿਵਸਥਾ ਨੂੰ ਤਬਦੀਲ ਕਰਨ ਦੀ ਕੀ ਲੋੜ ਹੈ? ਉਨਾਂ ਕਿਹਾ ਕਿ ‘ ਕੀ ਆੜਤੀਆਂ ਦੀ ਥਾਂ ਲੈਣ ਵਾਲੇ ਕਾਰਪੋਰੇਟ ਘਰਾਣੇ ਔਖੀ ਘੜੀ ਵਿਚ ਕਿਸਾਨਾਂ ਦੀ ਬਾਂਹ ਫੜਨਗੇ?

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ ਗੁਰੂ ਸਾਹਿਬ ਵਲੋਂ ਛੋਟੇ ਕਿਸਾਨਾਂ ਨੂੰ ਖਾਸ ਮਹੱਤਤਾ ਦਿੱਤੀ ਗਈ ਸੀ ਅਤੇ ਸੂਬੇ ਦੀ 75 ਫੀਸਦੀ ਕਿਸਾਨੀ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨਾਲ ਛੋਟੇ ਤੇ ਸੀਮਾਂਤ ਕਿਸਾਨਾਂ ਰੁਲ ਜਾਣਗੇ , ਜਿਸ ਕਰਕੇ ਕਿਸਾਨ ਕੜਾਕੇ ਦੀ ਠੰਡ ਤੇ ਕਰੋਨਾ ਦੇ ਖੌਫ ਵਿਚ ਵੀ ਹਰਿਆਣਾ ਪੁਲਿਸ ਦੇ ਤਸ਼ੱਦਦ ਨੂੰ ਝੱਲਦੇ ਹੋਏ ਦਿੱਲੀ ਦੀ ਸਰਹੱਦ ਵਿਖੇ ਪ੍ਰਦਰਸ਼ਨ ਕਰ ਰਹੇ ਹਨ।

ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਇਹ ਸਹੀ ਸਮਾਂ ਹੈ ਕਿ ਇਸਨੂੰ ਦੁਬਾਰਾ ਖੋਲਿਆ ਜਾਵੇ। ਉਨਾਂ ਕਿਹਾ ਕਿ ਜੇਕਰ ਪਾਕਿਸਤਾਨ ਇਸਨੂੰ ਖੋਲ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕੇਂਦਰ ਸਰਕਾਰ ਇਸ ਕੌਰੀਡੋਰ ਨੂੰ ਖੋਲ ਕਿਉਂ ਨਹੀਂ ਰਹੀ।

ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਦੇਸ਼ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦਾ ਯਤਨ ਕਰਨ ਵਾਲੀਆਂ ਸ਼ਕਤੀਆਂ ਨੂੰ ਏਕਤਾ ਨਾਲ ਰੋਕਿਆ ਜਾਵੇ। ਉਨਾਂ ਚੀਨ ਦੀ ਸਰਹੱਦ ‘ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਜਾਨਾਂ ਵਾਰਨ ਵਾਲੇ ਸ਼ਹੀਦ ਗੁਰਤੇਜ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਇਸ ਮਹਾਨ ਪੁੱਤਰ ਨੇ ਐਲ ਏ ਸੀ ਉੱਪਰ ਚੀਨ ਨਾਲ ਹਾਲ ਹੀ ਵਿਚ ਹੋਈਆਂ ਝੜਪਾਂ ਵਿਚ 12 ਚੀਨੀ ਸੈਨਿਕਾਂ ਨੂੰ ਮਾਰਕੇ ਖੁਦ ਸ਼ਹਾਦਤ ਦਾ ਜਾਮ ਪੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕੇਵਲ ਇਕਜੁੱਟ ਭਾਰਤ ਹੀ ਦੇਸ਼ ਦੇ ਦੁਸ਼ਮਣਾਂ ਨਾਲ ਲੜ ਸਕਦਾ ਹੈ।

Comments

comments



Similar Posts

Leave a Reply

Your email address will not be published. Required fields are marked *