ਰਿਚਮੰਡ- ਕੈਨੇਡਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਪਛਾਣ ਕਰਨ ਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੈਨਕੁਵਰ ਹਵਾਈ ਅੱਡਾ ਖ਼ਾਸ ਕਦਮ ਚੁੱਕਣ ਜਾ ਰਿਹਾ ਹੈ। ਵੈਨਕੁਵਰ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਹੁਣ ਰੈਪਿਡ ਕੋਰੋਨਾ ਟੈਸਟ ਕਰਾਉਣਾ ਪਵੇਗਾ ਭਾਵ ਯਾਤਰੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਜਲਦੀ ਹੀ ਦੱਸ ਦਿੱਤਾ ਜਾਵੇਗਾ ਕਿ ਉਹ ਕੋਰੋਨਾ ਪਾਜ਼ੀਟਿਵ ਹਨ ਜਾਂ ਨਹੀਂ। ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਵੈਸਟਜੈੱਟ ਦੇ ਘਰੇਲੂ ਚੈਕ-ਇਨ ਖੇਤਰ ਵਿਚ ਜੋ ਅਧਿਐਨ ਸ਼ੁੱਕਰਵਾਰ ਨੂੰ ਕੀਤਾ ਗਿਆ ਸੀ, ਉਹ ਕੈਨੇਡਾ ਵਿਚ ਆਪਣੀ ਕਿਸਮ ਦਾ ਪਹਿਲਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੈਲਗਰੀ ਤੇ ਟੋਰਾਂਟੋ ਵੀ ਘਰੇਲੂ ਉਡਾਣਾਂ ਲਈ ਕੋਰੋਨਾ ਰੈਪਿਡ ਟੈਸਟ ਕਰਦੇ ਹਨ ਪਰ ਇਹ ਟੈਸਟ ਯਾਤਰੀਆਂ ਦੇ ਜਹਾਜ਼ ਵਿਚੋਂ ਉਤਰਨ ਤੋਂ ਬਾਅਦ ਹੁੰਦੇ ਹਨ ਭਾਵ ਜਦ ਯਾਤਰੀ ਕੈਲਗਰੀ ਤੇ ਟੋਰਾਂਟੋ ਪੁੱਜਦੇ ਹਨ ਤਾਂ ਟੈਸਟ ਕੀਤਾ ਜਾਂਦਾ ਹੈ। ਜਦਕਿ ਵੈਨਕੁਵਰ ਯਾਤਰੀਆਂ ਦੇ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਵੇਗਾ।
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਅਧਿਐਨਕਾਰਾਂ ਅਤੇ ਸੂਬੇ ਦੇ ਸਿਹਤ ਸੰਭਾਲ ਸੈਂਟਰ ਨੇ ਇਹ ਅਧਿਐਨ ਵਿਚ ਪਤਾ ਲਗਾਇਆ ਹੈ ਕਿ ਜੇਕਰ ਯਾਤਰੀਆਂ ਦੇ ਜਾਣ ਤੋਂ ਪਹਿਲਾਂ ਵੀ ਕੋਰੋਨਾ ਟੈਸਟ ਕੀਤਾ ਜਾਵੇ ਤਾਂ ਇਸ ਨਾਲ ਵਾਇਰਸ ਨੂੰ ਹੋਰ ਵੀ ਜਲਦੀ ਲਗਾਮ ਪਾਈ ਜਾ ਸਕਦੀ ਹੈ। ਜਿਨ੍ਹਾਂ ਦਾ ਟੈਸਟ ਪਾਜ਼ੀਟਿਵ ਆਵੇਗਾ, ਉਨ੍ਹਾਂ ਨੂੰ ਵੱਖਰੇ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਟਿਕਟ ਬਿਨਾਂ ਚਾਰਜ ਦੇ ਰੱਦ ਕਰ ਦਿੱਤੀ ਜਾਵੇਗੀ।
Comments