ਸਿਡਨੀ: ਆਸਟਰੇਲੀਆ ਵਿੱਚ ਆਏ ਪਹਿਲੇ ਸਿੱਖਾਂ ਬਾਰੇ ਖੋਜ ਭਰਪੂਰ ਦਸਤਾਵੇਜ਼ੀ ਫਿਲਮ ‘ਮਹਿੰਗਾ ਸਿੰਘ ਦੀ ਭਾਲ’ ਬਣ ਰਹੀ ਹੈ। ਦਸਤਾਵੇਜ਼ੀ ਫਿਲਮ ਵਿੱਚ ਭਾਰਤ ਤੋਂ ਸੰਨ-1920 ਦੌਰਾਨ ਆਸਟਰੇਲੀਆ ਵਿੱਚ ਪਹੁੰਚੇ ਪਰਵਾਸੀ ਰੇਲਵੇ ਗਾਰਡ ਮਹਿੰਗਾ ਸਿੰਘ ਦੀ ਖੋਜ ਕਰਨ ਲਈ ਉਸ ਦਾ ਪੋਤਾ ਬਲਜਿੰਦਰ ਸਿੰਘ ਆਪਣੀ ਦਾਦੀ ਨਾਲ ਕੀਤੇ ਵਾਅਦੇ ਅਨੁਸਾਰ ਆਸਟਰੇਲੀਆ ਆਉਂਦਾ ਹੈ। ਪੋਤੇ ਨੂੰ ਜਦੋਂ ਦਾਦੇ ਦੀ ਕਬਰ ਲੱਭਦੀ ਹੈ ਤਾਂ ਉਸ ਕਬਰ ਵਿੱਚ ਆਸਟਰੇਲਿਆਈ ਐਡਵਰਡ ਜੇਮਜ਼ ਵਾਈਟ ਵੀ ਨਾਲ ਦਫ਼ਨਾਇਆ ਮਿਲਦਾ ਹੈ।
ਲੇਖਕ ਅਤੇ ਫਿਲਮ ਨਿਰਮਾਤਾ ਪੱਤਰਕਾਰ ਅਨੀਤਾ ਬਰਾੜ ਨੇ ਦਸਤਾਵੇਜ਼ੀ ਫਿਲਮ ’ਚ ਸਿਡਨੀ ਵਿੱਚ ਅਜਿਹੇ ਦ੍ਰਿਸ਼ ਜੋੜੇ ਹਨ, ਜੋ ਭਾਈਚਾਰੇ ਨੂੰ ਹੈਰਾਨ ਕਰਨ ਵਾਲੇ ਹਨ। ਪੱਛਮੀ ਸਿਡਨੀ ’ਚ ਨੀਮ ਸ਼ਹਿਰੀ ਖੇਤਰ ਰੁਟੀ ਹਿੱਲਜ਼ ਦਾ ਪਿਛੋਕੜ ਇਥੇ ਭਾਰਤੀ ਪੰਜਾਬੀ ਖਾਣੇ ’ਚ ਮੁੱਖ ਰੋਟੀ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਪਰਵਾਸੀ ਬੱਡ ਸਿੰਘ ਸੰਨ-1890 ਦੇ
ਕਰੀਬ ਆਸਟਰੇਲੀਆ ਆਏ ਸਨ। ਉਹ ਰੈੱਡ ਕਰਾਸ ਤੇ ਹਸਪਤਾਲ ਕੈਮਡਨ ਵਿੱਚ ਦਾਨ ਦਿੰਦਾ ਸੀ। ਇਸ ਕਾਰਨ ਕੈਮਡਨ ਕੌਂਸਲ ਅਧੀਨ ਹਸਪਤਾਲ ਨੇ ਉਸ ਦੇ ਨਾਮ ਦਾ ਪਲਾਕ ਪਹਿਲੇ ਤੇ ਹੁਣ ਫਿਰ ਨਵੇਂ ਬਣੇ ਹਸਪਤਾਲ ਵਿੱਚ ਲਗਾ ਦਿੱਤਾ ਹੈ। ਇਸ ਕਿਰਦਾਰ ਨੂੰ ਵੀ ਫਿਲਮ ਵਿੱਚ ਵਿਖਾਉਣ ਦੀ ਯੋਜਨਾ ਹੈ।