ਕਿਸਾਨਾਂ ਦੇ ਹੱਕ ‘ਚ ਸਰੀ ਤੋਂ ਭਾਰਤੀ ਕੌਂਸਲੇਟ ਤੱਕ ਕੱਢੀ ਗਈ ਰੈਲੀ

0 minutes, 2 seconds Read

 

 

ਸਰੀ : ਭਾਰਤ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲੋਅਰਮੇਨ ਲੈਂਡ ‘ਚ ਕਿਸਾਨਾਂ ਦੇ ਸਮੱਰਥਨ ‘ਚ ਸਰੀ ਤੋਂ ਵੈਨਕੂਵਰ ਭਾਰਤੀ ਕੌਂਸਲੇਟ ਤੱਕ ਕਾਰ ਰੈਲੀ ਕੱਢੀ ਗਈ। ਜਿਸ ਵਿੱਚ ਪ੍ਰਦਰਸ਼ਨਕਾਰੀ ਕਾਰ, ਟਰੱਕ ਸਣੇ ਸੈਂਕੜੇ ਵਾਹਨ ਲੈ ਕੇ ਪੁੱਜੇ। ਇਨਾਂ ਕਾਰਾਂ ਅਤੇ ਟਰੱਕਾਂ ਦੇ ਅੱਗੇ ਕੈਨੇਡਾ ਦਾ ਝੰਡਾ ਅਤੇ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਿਖੇ ਹੋਏ ਸਨ। ਸਭ ਤੋਂ ਪਹਿਲਾਂ ਇਹ ਸਾਰੇ ਪ੍ਰਦਰਸ਼ਕਾਰੀ ਸਰੀ ਸਿਨੇਪਲੈਕਸ ਸਟਰਾਬਰੀ ਹਿੱਲ ਪਾਰਕਿੰਗ ਵਿੱਚ ਇਕੱਠੇ ਹੋਏ। ਇਸ ਮਗਰੋਂ ਇਨਾਂ ਨੇ ਡਾਊਨਟਾਊਨ ਵੈਨਕੁਵਰ ‘ਚ ਸਥਿਤ ਇੰਡੀਅਨ ਕੌਂਸਲੇਟ ਵੱਲ ਚਾਲੇ ਪਾ ਦਿੱਤੇ।
ਇਸ ਰੈਲੀ ਦੇ ਪ੍ਰਬੰਧਕ ਅਤੇ ਬੀ.ਸੀ. ਗੁਰਦੁਆਰਾ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ‘ਚ ਵੱਸਦੇ ਜ਼ਿਆਦਾਤਰ ਭਾਰਤੀਆਂ ਦੀਆਂ ਜੜਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਜਦੋਂ ਪੰਜਾਬੀਆਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਇਨਾਂ ਨੂੰ ਵੀ ਦੁੱਖ ਹੁੰਦਾ ਹੈ। ਅੱਜ ਪੰਜਾਬ ਦੇ ਕਿਸਾਨਾਂ ਨੇ ਇੰਨੀ ਠੰਢ ਹੋਣ ਦੇ ਬਾਵਜੂਦ ਦਿੱਲੀ ‘ਚ ਡੇਰੇ ਲਾਏ ਹੋਏ ਨੇ ਤੇ ਭਾਰਤ ਦੇ ਦੂਜੇ ਸੂਬਿਆਂ ਦੇ ਕਿਸਾਨ ਵੀ ਉਨਾਂ ਦਾ ਸਾਥ ਦੇ ਰਹੇ ਹਨ। ਇਸ ਲਈ ਬੀ.ਸੀ. ‘ਚ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਲਈ ਇਹ ਰੈਲੀ ਕੱਢੀ ਗਈ ਹੈ। ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਕਿਸਾਨ ਮਾਰੂ ਨੀਤੀਆਂ ਅਪਣਾ ਰਹੀ ਹੈ, ਜਿਨਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਧਰਨਾ ਦੇਣ ਆ ਰਹੇ ਪੰਜਾਬੀ ਕਿਸਾਨਾਂ ‘ਤੇ ਪਹਿਲਾਂ ਹਰਿਆਣਾ ਪੁਲਿਸ ਨੇ ਠੰਢੇ ਪਾਣੀਆਂ ਦੀਆਂ ਬੌਛਾੜਾਂ ਮਾਰੀਆਂ ਤੇ ਹੰਝੂ ਗੈਸ ਦੇ ਗੋਲੇ ਦਾਗੇ ਤੇ ਜਦੋਂ ਉਹ ਜੱਦੋ-ਜਹਿਦ ਕਰਦੇ ਹੋਏ ਦਿੱਲੀ ਪੁੱਜੇ ਤਾਂ ਇੱਥੇ ਹਰਿਆਣਾ-ਦਿੱਲੀ ਬਾਰਡਰ ‘ਤੇ ਪੁਲਿਸ ਸੀਆਰਪੀਐਫ਼ ਨੇ ਉਨਾਂ ਨੂੰ ਰੋਕ ਲਿਆ ਅਤੇ ਇੱਥੋਂ ਤੱਕ ਕੇ ਲਾਠੀਚਾਰਜ ਵੀ ਕੀਤਾ ਗਿਆ।
ਇੱਕ ਪ੍ਰਦਰਸ਼ਨਕਾਰੀ ਪਰਮ ਰੰਧਾਵਾ ਨੇ ‘ਗਲੋਬਲ ਨਿਊਜ਼’ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਭਾਰਤ ‘ਚ ਸਾਡੇ ਪਰਿਵਾਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਅਸੀਂ ਇੱਥੇ ਕਿਵੇਂ ਟਿਕ ਕੇ ਬੈਠ ਸਕਦੇ ਹਾਂ। ਉਨਾਂ ਕਿਹਾ ਕਿ ਉਨਾਂ ਦੇ ਪਰਿਵਾਰ ਮੈਂਬਰ, ਇੱਥੋਂ ਤੱਕ ਕੇ ਬੱਚੇ ਵੀ ਪੰਜਾਬ ‘ਚ ਦੋ ਮਹੀਨੇ ਤੋਂ ਧਰਨੇ ‘ਤੇ ਬੈਠੇ ਹਨ। ਪਰਮ ਰੰਧਾਵਾ ਨੇ ਕਿਹਾ ਕਿ ਜੇਕਰ ਅਸੀਂ ਇਹ ਜੰਗ ਨਹੀਂ ਜਿੱਤੇ, ਤਾਂ ਸਾਡੇ ਪਰਿਵਾਰ ਭਾਰਤ ਸਰਕਾਰ ਦੇ ਗ਼ੁਲਾਮ ਬਣ ਕੇ ਰਹਿ ਜਾਣਗੇ।
ਇਸ ਤੋਂ ਇਲਾਵਾ ਬੀ.ਸੀ. ਦੇ ਐਬਟਸਫੋਰਡ ਸ਼ਹਿਰ ‘ਚ ਵੀ ਭਾਰਤੀ ਕਿਸਾਨਾਂ ਦੇ ਹੱਕ ‘ਚ ਰੈਲੀ ਕੱਢੀ ਗਈ। ਐਬਟਸਫੋਰਡ ਦੇ ਵਾਸੀ ਪਹਿਲਾਂ ਕਲੀਅਰਬੁੱਕ ਰੋਡ ਐਂਡ ਸਾਊਥ ਫਰੇਜ਼ਰ ਵੇਅ ‘ਤੇ ਇਕੱਠੇ ਹੋਏ ਅਤੇ ਇਸ ਤੋਂ ਬਾਅਦ ਕਾਰਾਂ ਦੀ ਰੈਲੀ ਦਾ ਕਾਫ਼ਲਾ ਚੱਲਿਆ। ਇਸ ਮੌਕੇ ਐਬਟਸਫੋਰਡ ਦੀ ਵਾਸੀ ਜਸਲੀਨ ਦਿਓਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਹਾਲ ਹੀ ‘ਚ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਦਾ ਖੇਤੀਬਾੜੀ ਦਾ ਧੰਦਾ ਤਬਾਹ ਕਰ ਦੇਣਗੇ। ਐਬਟਸਫੋਰਡ ‘ਚ ਰਹਿੰਦੇ ਜ਼ਿਆਦਾਤਰ ਭਾਰਤੀਆਂ ਦੀਆਂ ਜੜਾਂ ਪੰਜਾਬ ਨਾਲ ਜੁੜੀਆਂ ਹਨ। ਇਸ ਲਈ ਉਨਾਂ ਨੂੰ ਇਸ ਦੀ ਕਾਫ਼ੀ ਚਿੰਤਾ ਰਹਿੰਦੀ ਹੈ। ਰੈਲੀ ਦੌਰਾਨ ਸੈਂਕੜੇ ਲੋਕ ਆਪਣੀਆਂ ਕਾਰਾਂ ਤੇ ਹੋਰ ਵਾਹਨ ਲੈ ਕੇ ਸ਼ਾਮਲ ਹੋਏ।
ਐਬਟਸਫੋਰਡ ਦੀ ਵਾਸੀ ਜੈਨੇਸਾ ਧਾਲੀਵਾਲ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਵੱਲੋਂ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਇਹ ਉਸੇ ਤਰਾਂ ਦੀਆਂ ਹਨ, ਜਿਨਾਂ ਕਰਕੇ ਮੇਰੇ ਪਰਿਵਾਰ ਨੂੰ ਭਾਰਤ ਛੱਡ ਕੇ ਕੈਨੇਡਾ ਆਉਣ ਲਈ ਮਜਬੂਰ ਹੋ ਗਿਆ ਸੀ। ਜੈਨੇਸਾ ਧਾਲੀਵਾਲ ਨੇ ਕਿਹਾ ਕਿ ਉਹ ਇੱਕ ਪੰਜਾਬੀ ਸਿੱਖ ਪ੍ਰਵਾਸੀਆਂ ਦੀ ਧੀ ਹੈ। ਕੈਨੇਡਾ ਆਉਣ ਤੋਂ ਪਹਿਲਾਂ ਉਸ ਦੇ ਪਿਤਾ ਵੀ ਪੰਜਾਬ ਵਿੱਚ ਖੇਤੀ ਕਰਦੇ ਸਨ।
ਐਬਟਸਫੋਰਡ ਦੇ ਕਾਲ ਸਿੱਧੂ ਨੇ ਕਿਹਾ ਕਿ ਉਹ ਐਬਟਸਫੋਰਡ ਦੇ ਸਾਰੇ ਐਮਪੀਜ਼ ਨੂੰ ਇੱਕ-ਇੱਕ ਚਿੱਠੀ ਲਿਖ ਕੇ ਭੇਜਣਗੇ, ਤਾਂ ਜੋ ਇਸ ਮੁੱਦੇ ਨੂੰ ਕੈਨੇਡਾ ਸਰਕਾਰ ਦੇ ਅੱਗੇ ਚੁੱ૪ਕਿਆ ਜਾ ਸਕੇ ਤੇ ਫੈਡਰਲ ਸਰਕਾਰ ਇਸ ਮਸਲੇ ‘ਚ ਕੋਈ ਕਦਮ ਚੁੱਕੇ। ਐਬਟਸਫੋਰਡ ਦੀ ਵਾਸੀ ਨੀਤੂ ਧਾਲੀਵਾਲ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਢਾਹੇ ਜਾ ਰਹੇ ਜ਼ੁਲਮ ਨੂੰ ਲੈ ਕੇ ਚਿੰਤਤ ਹੈ ਅਤੇ ਭਾਰਤ ਸਰਕਾਰ ਦੀ ਨਿੰਦਾ ਕਰਨ ਲਈ ਕੈਨੇਡੀਅਨ ਅਧਿਕਾਰੀਆਂ ਨੂੰ ਚਿੱਠੀ ਲਿਖ ਰਹੀ ਹੈ। ਨੀਤੂ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਉਹ ਵਧੀਆ ਜ਼ਿੰਦਗੀ ਜੀਅ ਸਕਣ।
ਪੰਜਾਬੀ ਕਿਸਾਨਾਂ ਨੇ ਇਸ ਵੇਲੇ ਦਿੱਲੀ ਦੀਆਂ ਸੜਕਾਂ ‘ਤੇ ਤੰਬੂ ਤਾਣੇ ਹੋਏ ਹਨ। ਜਿੱਥੇ ਹਰਿਆਣਾ, ਯੂਪੀ ਤੇ ਗੁਜਰਾਤ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਉਨਾਂ ਦਾ ਸਾਥ ਦੇਣ ਲਈ ਦਿੱਲੀ ਪਹੁੰਚ ਚੁੱਕੇ ਹਨ, ਉੱਥੇ ਵਿਦੇਸ਼ਾਂ ‘ਚੋਂ ਵੀ ਪੰਜਾਬੀ ਕਿਸਾਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।

Similar Posts

Leave a Reply

Your email address will not be published. Required fields are marked *