ਔਟਵਾ?: ਕੈਨੇਡਾ ਅਮਰੀਕਾ ਦੀ ਸਰਹੱਦ ‘ਤੇ ਲੱਗੀਆਂ ਪਾਬੰਦੀਆਂ ਦੋਵੇਂ ਦੇਸ਼ਾਂ ‘ਚ ਕੋਵਿਡ-19 ਦੇ ਕੇਸ ਕੰਟਰੋਲ ਨਾ ਹੋਣ ਤੱਕ ਨਿਰੰਤਰ ਲੱਗੀਆਂ ਰਹਿ ਸਕਦੀਆਂ ਹਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਹੱਦ ‘ਤੇ ਲੱਗੀਆਂ ਪਾਬੰਦੀਆਂ ਬਾਰੇ ਗੱਲਬਾਤ ਕਰਦਿਆ ਕਿਹਾ ਕਿ ਦੁਨੀਆ ਭਰ ‘ਚ ਜਦੋਂ ਤੱਕ ਕੋਰੋਨਾਵਾਇਰਸ ਦੇ ਕੇਸ ਆਉਣੋਂ ਨਹੀਂ ਰੁਕਣੇ ਸ਼ੁਰੂ ਹੁੰਦੇ ਉਦੋਂ ਤੱਕ ਟ੍ਰੈਵਲ ਸਬੰਧੀ ਲੱਗੀਆਂ ਪਾਬੰਧੀਆਂ ‘ਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ। ਅਮਰੀਕਾ ਨਾਲ ਗੈਰ ਜ਼ਰੂਰੀ ਯਾਤਰਾ ਸਬੰਧੀ ਲੱਗੀਆਂ ਪਾਬੰਦੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਨੇ ਮਾਰਚ ਵਿੱਚ ਇਨ੍ਹਾਂ ਪਾਬੰਦੀਆਂ ਲਈ ਸਹਿਮਤੀ ਪ੍ਰਗਟਾਈ ਸੀ ਤੇ ਉਦੋਂ ਤੋਂ ਹੀ ਹਰ ਮਹੀਨੇ ਇਨ੍ਹਾਂ ਪਾਬੰਦੀਆਂ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ । ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਦੋਵੇਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਛੁੱਟੀਆਂ ਮਨਾਉਣ ਲਈ, ਘੁੰਮਣ ਫਿਰਨ ਅਤੇ ਸਰਹੱਦੋਂ ਆਰ ਪਾਰ ਸ਼ਾਪਿੰਗ ਲਈ ਜਾਣ ਉੱਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ ਪਰ ਇਸ ਦੇ ਚੱਲਦੇ ਸਿਰਫ਼ ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਜਿਨ੍ਹਾਂ ਨੇ ਜ਼ਰੂਰੀ ਵਸਤਾਂ, ਅਸੈਂਸ਼ੀਅਲ ਸਰਵਿਸਿਜ਼, ਜਿਵੇਂ ਕਿ ਟਰੱਕ ਤੇ ਹਸਪਤਾਲ ਸਟਾਫ ਆਦਿ ਨੇ ਸਰਹੱਦ ਪਾਰ ਕਰਨੀ ਹੁੰਦੀ ਹੈ। ਇਨ੍ਹਾਂ ਪਾਬੰਦੀਆਂ ਦੀ ਅਹਿਮੀਅਤ ਇਸ ਲਈ ਵੀ ਕਾਫੀ ਜ਼ਿਆਦਾ ਹੈ ਕਿਉਂਕਿ ਅਮਰੀਕਾ ਵਿੱਚ ਕਰੋਨਾਵਾਇਰਸ ਕਾਰਨ 100,000 ਲੋਕ ਹਸਪਤਾਲ ਦਾਖਲ ਹਨ, ਵਾਇਰਸ ਨੂੰ ਖ਼ਤਮ ਕਰਨ ਲਈ ਅਜੇ ਤੱਕ ਵੈਕਸੀਨ ਸ਼ੁਰੂ ਨਹੀਂ ਕੀਤੀ ਗਈ। ਪਿੱਛੇ ਜਿਹੇ ਅਮਰੀਕਾ ਦੇ ਉੱਘੇ ਹੈਲਥ ਮਾਹਿਰ ਡਾਲ਼ ਐਂਥਨੀ ਫਾਓਚੀ ਨੇ ਇਹ ਸਵੀਕਾਰ ਕੀਤਾ ਸੀ ਕਿ ਅਮੈਰੀਕਨ ਥੈਂਕਸਗਿਵਿੰਗ ਤੇ ਲੋੜੋਂ ਵੱਧ ਟਰੈਵਲ ਕਰਨ ਕਾਰਨ ਅਮਰੀਕਾ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਇਆ ਹੈ। ਇਸ ਦੌਰਾਨ ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਨੇ ਪਰਿਵਾਰਕ ਮੈਂਬਰਾਂ ਨੂੰ ਇੱਕਜੁੱਟ ਕਰਨ ਲਈ ਕੁੱਝ ਹੱਦ ਤੱਕ ਛੋਟ ਦਿੱਤੀ ਹੈ।