ਔਟਵਾ : ਕੈਨੇਡਾ ‘ਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰੀ ਖਜ਼ਾਨੇ ‘ਤੇ ਜੋ ਵੀ ਬੋਝ ਪਿਆ ਹੈ, ਉਸ ਸਬੰਧੀ ਲਿਬਰਲ ਸਰਕਾਰ 30 ਨਵੰਬਰ ਨੂੰ ਅੰਕੜੇ ਪੇਸ਼ ਕਰਨ ਜਾ ਰਹੀ ਹੈ। ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਇਸ ਦਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਕੈਨੇਡੀਅਨ ਲੋਕਾਂ ਦੀ ਆਰਥਿਕ ਮਦਦ ਤੋਂ ਕਦੇ ਮੂੰਹ ਨਹੀਂ ਮੋੜਨਗੇ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਡੇ ਕੋਲ ਮਜ਼ਬੂਤ ਵਿੱਤੀ ਸਾਧਨ ਮੌਜੂਦ ਹਨ, ਜੋ ਸਾਨੂੰ ਕੋਵਿਡ ਮਹਾਂਮਾਰੀ ਦੌਰਾਨ ਕੈਨੇਡੀਅਨ ਲੋਕਾਂ ਦਾ ਪੂਰੀ ਤਰਾਂ ਸਮਰਥਨ ਕਰਨ ਦੀ ਮਨਜ਼ੂਰੀ ਪ੍ਰਦਾਨ ਕਰਦੇ ਹਨ। ਇਸ ਲਈ ਸਰਕਾਰ ਜਿੱਥੋਂ ਤੱਕ ਸੰਭਵ ਹੋ ਸਕੇ ਕੈਨੇਡੀਅਨ ਲੋਕਾਂ ਦੀ ਲਗਾਤਾਰ ਵਿੱਤੀ ਮਦਦ ਕਰਦੀ ਰਹੇਗੀ। ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਨਾਂ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ 30 ਨਵੰਬਰ ਨੂੰ ਕੋਰੋਨਾ ਸਬੰਧੀ ਵਿੱਤੀ ਲੇਖਾ-ਜੋਖਾ ਪੇਸ਼ ਕਰਨਗੇ। ਫੈਡਰਲ ਸਰਕਾਰ ਨੇ ਇਸ ਸਾਲ ਮਹਾਂਮਾਰੀ ਦੇ ਚਲਦਿਆਂ ਆਪਣਾ ਵਿੱਤੀ ਵਰੇ ਦਾ ਬਜਟ ਪੇਸ਼ ਨਹੀਂ ਕੀਤਾ ਹੈ, ਪਰ ਬੀਤੇ ਜੁਲਾਈ ਮਹੀਨੇ ਵਿੱਚ ਬਜਟ ਦੀ ਇੱਕ ਵਿੱਤੀ ਝਲਕ ਜ਼ਰੂਰੀ ਪੇਸ਼ ਕੀਤੀ ਸੀ, ਜਿਸ ਵਿੱਚ ਅੰਦਾਜ਼ਾ ਲਾਇਆ ਗਿਆ ਸੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਖਜ਼ਾਨੇ ਨੂੰ ਪਿਆ ਘਾਟਾ ਰਿਕਾਰਡ 343.2 ਬਿਲੀਅਨ ਡਾਲਰ ਵੱਲ ਜਾ ਰਿਹਾ ਹੈ।