ਕੰਬੋਡੀਆ ਦੇ ਇੱਕ ਹੋਟਲ ਵਿੱਚ ਧਮਾਕੇ ਬਾਦ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹੋਟਲ ਕੈਸੀਨੋ ਗ੍ਰੈਂਡ ਡਾਇਮੰਡ ਸਿਟੀ ‘ਚ ਅੱਗ ਲੱਗਣ ਕਾਰਨ 30 ਲੋਕ ਜ਼ਖਮੀ ਵੀ ਹੋਏ ਹਨ, ਜਿੱਥੇ 50 ਤੋਂ ਵੱਧ ਲੋਕ ਫਸ ਗਏ ਹਨ।ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅਸਮਾਨ ‘ਚ ਅੱਗ ਦੀਆਂ ਲਪਟਾਂ ਉੱਠ ਰਹੀਆਂ ਹਨ। ਇਸ ਭਿਆਨਕ ਅੱਗ ਹਾਦਸੇ ਵਿੱਚ ਹੋਟਲ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਫਾਇਰਫਾਈਟਰਜ਼ ਨੇ ਦੱਸਿਆ ਕਿ ਅੱਗ ਲਗਭਗ ਕਾਬੂ ਹੇਠ ਹੈ ਅਤੇ ਹੋਟਲ ਦੇ ਕਮਰੇ ਦੀ ਤਲਾਸ਼ੀ ਲਈ ਜਾ ਰਹੀ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰ ਸਥਾਨਕ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੁੱਧਵਾਰ ਸਵੇਰੇ 8 ਵਜੇ ਤੱਕ 53 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਮੌਜੂਦ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹੋਟਲ ‘ਚ ਅੱਗ ਲੱਗ ਗਈ। ਕੁਝ ਵੀਡੀਓ ਕਲਿੱਪਾਂ ‘ਚ ਲੋਕ ਆਪਣੀ ਜਾਨ ਬਚਾਉਣ ਲਈ ਹੋਟਲ ਦੇ ਅੰਦਰੋਂ ਛਾਲ ਮਾਰਦੇ ਦੇਖੇ ਜਾ ਸਕਦੇ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਅੱਗ ਦੇ ਸਮੇਂ ਕੈਸੀਨੋ ਦੇ ਅੰਦਰ ਕਈ ਵਿਦੇਸ਼ੀ ਨਾਗਰਿਕ ਵੀ ਮੌਜੂਦ ਸਨ। ਰਿਪੋਰਟ ਵਿੱਚ ਥਾਈ ਵਿਦੇਸ਼ ਮੰਤਰਾਲੇ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਰਿਪੋਰਟ ਮੁਤਾਬਕ ਜ਼ਖਮੀਆਂ ਨੂੰ ਥਾਈਲੈਂਡ ਦੇ ਸਾ ਕੇਓ ਸੂਬੇ ਦੇ ਹਸਪਤਾਲਾਂ ‘ਚ ਰੈਫਰ ਕਰ ਦਿੱਤਾ ਗਿਆ ਹੈ।