ਭਵਾਨੀਗੜ੍ਹ : ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸ਼ਹਿਰ ਦੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ (Chandigarh-Bathinda National Highway) ਨੰਬਰ 7 ‘ਤੇ ਕਰੀਬ 6 ਵਾਹਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿੱਚ ਕੋਈ ਵੀ ਵਾਹਨ ਚਾਲਕ ਜਾਂ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਏ।
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 7 ਕੁ ਵਜੇ ਜਦੋਂ ਸੰਘਣੀ ਧੁੰਦ ਨੇ ਇਲਾਕੇ ਨੂੰ ਆਪਣੀ ਬੁੱਕਲ ’ਚ ਲਿਆ ਹੋਇਆ ਸੀ ਤਾਂ ਇਸ ਦੌਰਾਨ ਹਾਈਵੇ ’ਤੇ ਪਟਿਆਲਾ ਵੱਲ ਨੂੰ ਜਾਂਦੇ ਹੋਏ ਬਿਆਸ ਸਤਿਸੰਗ ਘਰ ਨੇੜੇ ਇਕ ਤੇਜ਼ ਰਫਤਾਰ ਇੱਟਾਂ ਦਾ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਕੱਟ ਤੋਂ ਪਹਿਲਾਂ ਜਾ ਰਹੀ ਇਕ ਸਵਿਫਟ ਕਾਰ ’ਚ ਵੱਜ ਕੇ ਅੱਗੇ ਕੱਟ ਤੋਂ ਮੁੜ ਰਹੀ ਸਕੋਡਾ ਕਾਰ ਦੇ ਪਿੱਛੇ ਜ਼ਬਰਦਸਤ ਤਰੀਕੇ ਨਾਲ ਟਕਰਾ ਕੇ ਰੁੱਕ ਗਈ। ਇਸ ਦੌਰਾਨ ਟਰਾਲੀ ’ਚ ਲੋਡ ਇੱਟਾਂ ਹਾਈਵੇ ’ਤੇ ਡਿੱਗ ਪਈਆਂ ਅਤੇ ਸੜਕ ’ਤੇ ਜਾਮ ਲੱਗ ਗਿਆ।
ਇਸ ਦੌਰਾਨ ਇਨ੍ਹਾਂ ਵਾਹਨਾਂ ਦੇ ਪਿੱਛੇ ਜਾਮ ’ਚ ਫਸ ਕੇ ਖੜੀ ਕਾਰ ਤੇ ਇਕ ਸਕਾਰਪਿਓ ਗੱਡੀ ਨੂੰ ਪਿੱਛੋਂ ਤੇਜ਼ ਰਫ਼ਤਾਰ ਸਰਕਾਰੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਪ੍ਰਤੱਖਦਰਸ਼ੀਆਂ ਮੁਤਾਬਕ ਧੁੰਦ ਦੇ ਬਾਵਜੂਦ ਸਰਕਾਰੀ ਬੱਸ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਉਸਦਾ ਚਾਲਕ ਮੌਕੇ ’ਤੇ ਬੱਸ ਨੂੰ ਹੌਲੀ ਨਹੀਂ ਕਰ ਸਕਿਆ ਅਤੇ ਕਰੀਬ 10-20 ਮੀਟਰ ਤੱਕ ਬੱਸ ਘੜੀਸਦੀ ਹੋਈ ਵਾਹਨਾਂ ’ਚ ਜਾ ਵੱਜੀ।
ਹਾਦਸੇ ਉਪਰੰਤ ਹਾਈਵੇ ’ਤੇ ਸ਼ੋਰ-ਸ਼ਰਾਬਾ ਮਚ ਗਿਆ ਅਤੇ ਜਾਮ ਵਾਲੀ ਸਥਿਤੀ ਬਣ ਗਈ। ਉਧਰ, ਹਾਦਸੇ ਸਬੰਧੀ ਸੂਚਨਾ ਮਿਲਦੇ ਹੀ ਭਵਾਨੀਗੜ੍ਹ ਪੁਲਸ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਜਿਨ੍ਹਾਂ ਨੇ ਤੁਰੰਤ ਹਾਦਸਾਗ੍ਰਸਤ ਵਾਹਨਾਂ ਨੂੰ ਮੁੱਖ ਸੜਕ ਤੋਂ ਹਟਵਾਇਆ। ਪੁਲਸ ਨੇ ਦੱਸਿਆ ਕਿ ਉਕਤ ਹਾਦਸੇ ਵਿਚ ਵਾਹਨ ਚਾਲਕਾਂ ਅਤੇ ਸਵਾਰਾਂ ਦਾ ਗੰਭੀਰ ਸੱਟਾਂ ਤੋਂ ਬਚਾਅ ਰਿਹਾ ਹੈ ਪਰ ਵਾਹਨ ਕਾਫੀ ਨੁਕਸਾਨੇ ਗਏ ਹਨ।
The post ਚੰਡੀਗੜ੍ਹ-ਬਠਿੰਡਾ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ appeared first on Chardikla Time TV.