ਬੀਜਿੰਗ : ਚੀਨ ਦਾ ਚਾਂਗ-ਈ ਪੁਲਾੜ ਜਹਾਜ਼ ਚੰਨ ‘ਤੇ ਕਾਮਯਾਬੀ ਨਾਲ ਉਤਰ ਗਿਆ ਹੈ। ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਤ੍ਹਾ ਤੋਂ ਮਿੱਟੀ ਦੇ ਨਮੂਨੇ ਲੈ ਕੇ ਆਉਣਾ ਹੈ ਤਾਂ ਜੋ ਵਿਗਿਆਨੀਆਂ ਨੂੰ ਚੰਦਰਮਾ ਦੀ ਉਤਪੱਤੀ ਬਾਰੇ ਜਾਣਨ ‘ਚ ਮਦਦ ਮਿਲ ਸਕੇ। ਚੀਨ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਗ ਮਾਰਚ-5 ਜ਼ਰੀਏ 24 ਨਵੰਬਰ ਨੂੰ ਇਸ ਨੂੰ ਲਾਂਚ ਕੀਤਾ ਸੀ। ਇਹ ਰਾਕੇਟ ਤਰਲ ਕੈਰੋਸਿਨ ਤੇ ਤਰਲ ਆਕਸੀਜਨ ਦੀ ਮਦਦ ਨਾਲ ਚੱਲਦਾ ਹੈ। ਚੀਨ ਦਾ ਇਹ ਮਹਾ ਸ਼ਕਤੀਸ਼ਾਲੀ ਰਾਕੇਟ 187 ਫੁੱਟ ਲੰਬਾ ਤੇ 870 ਕਿੱਲੋ ਵਜ਼ਨੀ ਹੈ।
ਚੀਨ ਦਾ ਇਹ ਪੁਲਾੜ ਜਹਾਜ਼ ਮਿੱਟੀ ਦੇ ਨਮੂਨੇ ਲੈਣ ਲਈ ਚੰਦਰਮਾ ਦੀ ਸਤ੍ਹਾ ‘ਤੇ ਆਪਣਾ ਇਕ ਲੈਂਡਰ ਉਤਾਰੇਗਾ। ਲੈਂਡਰ ਚੰਨ ਦੀ ਜ਼ਮੀਨ ‘ਤੇ ਖ਼ੁਦਾਈ ਕਰ ਕੇ ਕਰੀਬ ਦੋ ਕਿੱਲੋ (4.4 ਪਾਉਂਡ) ਮਿੱਟੀ ਤੇ ਚੱਟਾਨ ਕੱਢੇਗਾ। ਫਿਰ ਇਹ ਨਮੂਨੇ ਲੈਕੇ ਅਸੈਂਡਰ ਕੋਲ ਜਾਵੇਗਾ। ਅਸੈਂਡਰ ਨਮੂਨੇ ਲੈਕੇ ਚੰਦਰਮਾ ਦੀ ਸਤ੍ਹਾ ਤੋਂ ਉੱਡੇਗਾ ਤੇ ਪੁਲਾੜ ‘ਚ ਚੱਕਰ ਕੱਟ ਰਹੇ ਮੁੱਖ ਜਹਾਜ਼ ਨਾਲ ਜੁੜੇਗਾ।
ਇਸ ਤੋਂ ਬਾਅਦ ਮੁੱਖ ਪੁਲਾੜ ਜਹਾਜ਼ ਚੰਦਰਮਾ ਦੀ ਸਤ੍ਹਾ ਦੇ ਨਮੂਨਿਆਂ ਨੂੰ ਇਕ ਕੈਪਸੂਲ ‘ਚ ਰੱਖੇਗਾ ਤੇ ਫਿਰ ਉਸ ਨੂੰ ਧਰਤੀ ਲਈ ਰਵਾਨਾ ਕਰੇਗਾ। ਜੇਕਰ ਇਹ ਪੂਰੀ ਪ੍ਰਕਿਰਿਆ ਕਾਮਯਾਬ ਰਹਿੰਦੀ ਹੈ ਤਾਂ ਸਾਲ 1970 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਚੰਦਰਮਾ ਦੀ ਸਤ੍ਹਾ ਦੇ ਨਮੂਨੇ ਪ੍ਰਰੀਖਣ ਲਈ ਵਿਗਿਆਨੀਆਂ ਨੂੰ ਉਪਲਬਧ ਹੋਣਗੇ। ਪਿਛਲੀ ਸਦੀ ਦੇ ਸੱਤਵੇਂ ਦਹਾਕੇ ‘ਚ ਤੱਤਕਾਲੀ ਸੋਵੀਅਤ ਮਿਸ਼ਨ ਨੇ ਚੰਦਰਮਾ ਦੀਆਂ ਚੱਟਾਨਾਂ ਦੇ ਨਮੂਨੇ ਇਕੱਠੇ ਕੀਤੇ ਸਨ। ਨਾਸਾ ਦੇ ਅਪੋਲੋ ਪੁਲਾੜ ਪ੍ਰਰੋਗਰਾਮ ਤਹਿਤ ਚੰਨ ‘ਤੇ ਗਏ ਅਮਰੀਕੀ ਪੁਲਾੜ ਯਾਤਰੀਆਂ ਨੇ 1969 ਤੋਂ 1972 ਵਿਚਕਾਰ ਕਰੀਬ 842 ਪਾਉਂਡ (383 ਕਿੱਲੋ) ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ ‘ਚੋਂ ਕਈ ਦਾ ਪ੍ਰਰੀਖਣ ਕੀਤਾ ਜਾਣਾ ਬਾਕੀ ਹੈ।
The post ਚੰਨ ‘ਤੇ ਕਾਮਯਾਬੀ ਨਾਲ ਉਤਰਿਆ ਚੀਨ ਦਾ ਚਾਂਗ-ਈ ਪੁਲਾੜ ਜਹਾਜ਼ appeared first on Chardikla Time Tv.