ਮਹਾਰਾਸ਼ਟਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਆਪਣੀ ਸਹਿ-ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਅਭਿਨੇਤਾ ਸ਼ੀਜ਼ਾਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਸ਼ਨੀਵਾਰ ਨੂੰ, ਉਸਦੀ ਪੁਲਿਸ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ, ਖਾਨ ਨੂੰ ਵਸਈ ਦੀ ਇੱਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸ਼ੁੱਕਰਵਾਰ ਨੂੰ ਅਦਾਕਾਰ ਦੀ ਪੁਲਿਸ ਹਿਰਾਸਤ ਇੱਕ ਦਿਨ ਹੋਰ ਵਧਾ ਦਿੱਤੀ ਗਈ ਸੀ।
ਮੈਜਿਸਟਰੇਟ ਨੇ ਖਾਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਖਾਨ (27) ਨੂੰ ਪਾਲਘਰ ਜ਼ਿਲ੍ਹੇ ਦੀ ਵਾਲੀਵ ਪੁਲਿਸ ਨੇ 26 ਦਸੰਬਰ ਨੂੰ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਤੁਨੀਸ਼ਾ ਦੀ ਮਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਦਾ ਸ਼ੀਜ਼ਾਨ ਖਾਨ ਨਾਲ ਰਿਸ਼ਤਾ ਸੀ। ਉਸ ਨੇ ਕਿਹਾ ਕਿ ਤੁਨੀਸ਼ਾ ਨੇ ਖਾਨ ਦਾ ਮੋਬਾਈਲ ਫੋਨ ਚੈੱਕ ਕੀਤਾ ਸੀ ਪਰ ਹਾਲ ਹੀ ਵਿੱਚ ਜਦੋਂ ਉਸ ਦੀ ਕਿਸੇ ਹੋਰ ਔਰਤ ਨਾਲ ਵਟਸਐਪ ਚੈਟ ਪਾਈ ਗਈ ਤਾਂ ਉਹ ਸਦਮੇ ਵਿੱਚ ਸੀ। ਵਨੀਤਾ ਨੇ ਦੱਸਿਆ ਕਿ ਜਦੋਂ ਤੁਨੀਸ਼ਾ ਨੇ ਇਸ ਬਾਰੇ ਖਾਨ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਇਹ ਕਹਿ ਕੇ ਥੱਪੜ ਮਾਰ ਦਿੱਤਾ ਕਿ ਉਹ ਜੋ ਚਾਹੇ ਉਹ ਕਰਨ ਲਈ ਆਜ਼ਾਦ ਹੈ।
The post ਤੁਨੀਸ਼ਾ ਖ਼ੁਦਕੁਸ਼ੀ ਕੇਸ: ਸ਼ੀਜਾਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ appeared first on Chardikla Time TV.