ਚੰਡੀਗੜ੍ਹ, 29 ਦਸੰਬਰ : ਪੰਜਾਬ ਦੇ ਸ਼ਹਿਰਾਂ ਨੂੰ ਸਾਫ ਸੁਥਰਾ ਰੱਖਣ ਦੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਦੋਆਬੇ ਦੇ ਪ੍ਰਮੁੱਖ ਸ਼ਹਿਰ ਹੁਸ਼ਿਆਰਪੁਰ ਨੂੰ ਨਵੇਂ ਸਾਲ ਵਿਚ ਅਤਿ-ਆਧੁਨਿਕ ਵੈਕਿਊਮ ਕਲੀਨਿੰਗ ਮਸ਼ੀਨ (vacuum cleaning machine) ਮਿਲੇਗੀ। ਇਸ ਮਸ਼ੀਨ ਦਾ ਸਫਲ ਟ੍ਰਾਇਲ ਬੀਤੀ ਸ਼ਾਮ ਕੈਬਨਿਟ ਮੰਤਰੀ ਅਤੇ ਹੁਸ਼ਿਆਰਪੁਰ (Hoshiarpur) ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ (Bram Shanker Jimpa) ਦੀ ਹਾਜ਼ਰੀ ਵਿਚ ਕੀਤਾ ਗਿਆ।
ਜਿੰਪਾ ਨੇ ਦੱਸਿਆ ਕਿ ਸੂਬੇ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਹੁਸ਼ਿਆਰਪੁਰੀਆਂ ਨੇ ਇਕ ਕਦਮ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਟਰੱਕ ਸਮੇਤ ਇਸ ਮਸ਼ੀਨ ਦੀ ਖਰੀਦ ਕਰੀਬ 55-60 ਲੱਖ ਰੁਪਏ ਹੋਵੇਗੀ। ਬੱਸ ਸਟੈਂਡ ਚੌਕ ਹੁਸ਼ਿਆਰਪੁਰ ਤੋਂ ਵੈਕਿਊਮ ਕਲੀਨਿੰਗ ਮਸ਼ੀਨ ਦੇ ਟ੍ਰਾਇਲ ਦੀ ਸ਼ੁਰੂਆਤ ਕਰਦਿਆਂ ਜਿੰਪਾ ਨੇ ਦੱਸਿਆ ਕਿ ਇਹ ਮਸ਼ੀਨ ਜਲਦ ਹੀ ਹੁਸ਼ਿਆਰਪੁਰ ਦੀ ਸਫ਼ਾਈ ਲਈ ਉਪਲੱਬਧ ਹੋਵੇਗੀ। ਇਸ ਮਸ਼ੀਨ ਦੀ ਖਰੀਦ ਤੋਂ ਬਾਅਦ ਹੁਸ਼ਿਆਰਪੁਰ ਪੰਜਾਬ ਦੇ ਉਨ੍ਹਾਂ ਚੁਨਿੰਦੇ ਸ਼ਹਿਰਾਂ ਵਿਚ ਸ਼ਾਂਮਲ ਹੋ ਜਾਵੇਗਾ ਜਿੱਥੋਂ ਦੀ ਸਾਫ-ਸਫਾਈ ਅਜਿਹੀ ਅਤਿ ਆਧੁਨਿਕ ਮਸ਼ੀਨਾਂ ਨਾਲ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਆਗਮਨ ’ਤੇ ਸ਼ਹਿਰ ਵਾਸੀਆਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ ਤਾਂ ਕਿ ਬਿਨਾਂ ਮਿੱਟੀ-ਘੱਟਾ ਉੜੇ ਸ਼ਹਿਰ ਨੂੰ ਸਾਫ਼ ਕੀਤਾ ਜਾ ਸਕੇ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹੁਸ਼ਿਆਰਪੁਰ ਨੂੰ ਡੰਪ ਫਰੀ ਸ਼ਹਿਰ ਬਣਾਇਆ ਜਾਵੇ ਅਤੇ ਇਸ ਦੇ ਲਈ ਯਤਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਸ਼ਆਰਪੁਰ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ।
The post ਨਵੇਂ ਸਾਲ ‘ਤੇ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ appeared first on Chardikla Time TV.