ਪੰਜ ਦਿਨਾਂ ਲਈ ਵਿਆਹ, ਦਿੱਤਾ ਦਸ ਹਜ਼ਾਰ ਡਾਲਰ ਅੰਤ ਨੂੰ ਫਿਰ ਹੋਈ ਧੋਖੇ ਦਾ ਸ਼ਿਕਾਰ
ਆਕਲੈਂਡ 22 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਪੱਕੇ ਹੋਣ ਲਈ ਜਾਂ ਕਹਿ ਲਈਏ ਪੀ. ਆਰ. (ਪਰਮਾਨੈਂਟ ਰੈਜੀਡੈਂਸੀ) ਲੈਣ ਲਈ ਦੁਨੀਆ ਕਿਹੜੇ-ਕਿਹੜੇ ਚੱਕਰਾਂ ਦੇ ਵਿਚ ਫਸ ਕੇ ਜ਼ਿੰਦਗੀ ਘੁੰਮਣਘੇਰੀ ਦੇ ਲੇਖੇ ਲਾ ਰਹੀ ਹੈ, ਇਸਦੀ ਤਾਜ਼ਾ ਉਦਾਹਰਣ ਪਿਛਲੇ ਦਿਨੀਂ ਰਾਸ਼ਟਰੀ ਮੀਡੀਆ ਉਤੇ ਨਸ਼ਰ ਹੋਈ ਹੈ। ਇੰਪਲਾਇਮੈਂਟ ਰੀਲੇਸ਼ਨ ਅਥਾਰਟੀ ਨੇ ਸੁਖਪ੍ਰੀਤ ਕੌਰ ਨਾਂਅ ਦੀ ਇਕ ਕੁੜੀ ਦੇ ਇਕ ਸਾਬਕਾ ਰੁਜ਼ਗਾਰਦਾਤਾ (ਡੀ. ਆਈ. ਏ. ਐਲ.) ਨੂੰ 17000 ਡਾਲਰ ਭੁਗਤਾਨ ਕਰਨ ਵਾਸਤੇ ਆਰਡਰ ਦਿੱਤੇ ਹਨ। ਇਸ ਵਿਚ ਉਸਦੀ ਤਨਖਾਹ, ਛੁੱਟੀਆਂ ਦੇ ਪੈਸੇ ਕਮਿਸ਼ਨ ਰਾਸ਼ੀ ਹੈ। ਇਸ ਸਾਰੇ ਕੇਸ ਦੀ ਕਹਾਣੀ ਅਥਾਰਟੀ ਨੇ ਇਮੀਗ੍ਰੇਸ਼ਨ ਸਕੈਮ ਦੇ ਨਾਲ ਜੋੜ ਕੇ ਪੇਸ਼ ਕੀਤੀ ਹੈ। ਸੁਖਪ੍ਰੀਤ ਕੌਰ ਜੂਨ 2013 ਦੇ ਵਿਚ ਪਾਪਾਟੋਏਟੋਏ ਵਿਖੇ ਇਕ ਪੰਜਾਬੀ ਹਰਜਿੰਦਰ ਸਿੰਘ ਦੇ ਸੰਪਰਕ ਵਿਚ ਆਈ, ਜਿੱਥੇ ਉਹ ਆਪਣੀ ਰਿਹਾਇਸ਼ ਰੱਖ ਰਹੀ ਸੀ। ਉਸਨੇ ਇਸ ਸਖਸ਼ ਨੂੰ ਬੇਨਤੀ ਕੀਤੀ ਕਿ ਉਸ ਨੂੰ ਪੀ. ਆਰ. ਲੈਣ ਵਿਚ ਮਦਦ ਕੀਤੀ ਜਾਵੇ। ਇਸ ਵਾਸਤੇ ਜਾਬ ਆਫਰ ਚਾਹੀਦੀ ਸੀ, ਜਿਸ ਦੇ ਵਾਸਤੇ ਹਰਜਿੰਦਰ ਸਿੰਘ ਨਾਂਅ ਦੇ ਵਿਅਕਤੀ ਨੇ 18000 ਡਾਲਰ ਦੀ ਮੰਗ ਰੱਖੀ। ਐਨੀ ਵੱਡੀ ਰਕਮ ਦੇਣ ਤੋਂ ਸੁਖਪ੍ਰੀਤ ਨੇ ਅਸਮਰਥਾ ਵਿਖਾਈ ਤਾਂ ਉਸਨੇ ਦੂਜਾ ਵਿਕਲਪ ਇਹ ਪੇਸ਼ ਕੀਤਾ ਕਿ ਜੇਕਰ ਉਹ ਉਸਦੇ ਸਾਲੇ ਨਾਲ ਵਿਆਹ ਕਰਵਾ ਲਵੇ ਤਾਂ ਅੱਧੇ ਪੈਸੇ ਉਹ ਦੇਵੇਗਾ। ਹਰਜਿੰਦਰ ਸਿੰਘ ਨੇ ਦਿਲਬਾਗ ਸਿੰਘ ਨਾਂਅ ਦੇ ਮੁੰਡੇ ਨੂੰ ਇਸ ਕੁੜੀ ਦੇ ਨਾਲ ਜੂਨ 2013 ਦੇ ਵਿਚ ਇਕ ਰੈਸਟੋਰੈਂਟ ਵਿਚ ਮਿਲਾਇਆ। ਉਸਨੇ ਕਿਹਾ ਕਿ ਇਸ ਨਾਲ ਵਿਆਹ ਕਰ ਲਓ ਅੱਧੇ ਪੈਸੇ ਇਹ ਦੇਵੇਗਾ ਅਤੇ ਮੈਂ ਤੇਰੇ ਲਈ ਜਾਬ ਆਫਰ ਪ੍ਰਾਪਤ ਕਰਾਂਗਾ। ਇਹ ਕੁੜੀ ਪੀ. ਆਰ. ਦੇ ਲਾਲਚ ਵਿਚ ਮੰਨ ਗਈ ਅਤੇ ਮੈਨੁਕਾਓ ਵਿਖੇ ਇੰਟਰਨਲ ਅਫੇਅਰ ਦੇ ਦਫਤਰ ‘ਚ 12 ਅਗਸਤ 2013 ਨੂੰ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਸੁਖਪ੍ਰੀਤ ਦਾ ਕਹਿਣਾ ਹੈ ਕਿ ਉਸਨੇ 10000 ਡਾਲਰ ਹਰਜਿੰਦਰ ਸਿੰਘ ਦਿੱਤੇ ਪਰ ਦਿਲਬਾਗ ਸਿੰਘ ਨੇ ਵਾਅਦੇ ਅਨੁਸਾਰ ਦਿੱਤੇ ਜਾਂ ਨਹੀਂ ਇਸ ਬਾਰੇ ਉਸਨੂੰ ਪਤਾ ਨਹੀਂ। ਵਿਆਹ ਤੋਂ ਬਾਅਦ ਇਹ ਪੰਜ ਦਿਨ ਤੱਕ ਇਕੱਠੇ ਰਹੇ। ਅੰਦਾਜ਼ਨ 28 ਅਗਸਤ 2013 ਨੂੰ ਇਸਨੂੰ ਹਰਜਿੰਦਰ ਸਿੰਘ ਤੋਂ ਇਕ ਮੈਸੇਜ ਮਿਲਿਆ ਕਿ ਦਿਲਬਾਗ ਸਿੰਘ ਨਾਲ ਸੰਪਰਕ ਨਾ ਕੀਤਾ ਜਾਵੇ ਅਤੇ ਨਾ ਹੀ ਉਸਨੂੰ ਸਪਾਊਸ ਵੀਜ਼ੇ ਵਾਸਤੇ ਸਪਾਂਸਰ ਕਰੇ। ਇਸ ਤੋਂ ਬਾਅਦ ਇਹ ਕੁੜੀ ਸਿਰਫ ਦੋ ਵਾਰ ਦਿਲਬਾਗ ਸਿੰਘ ਨੂੰ ਮਿਲੀ ਕਿ ਵਿਆਹ ਤੋੜਨ ਵਾਲੇ ਪੇਪਰ ਉਤੇ ਦਸਤਖਤ ਕਰਵਾ ਸਕੇ। ਛੇ ਮਹੀਨੇ ਬਾਅਦ ਫਿਰ ਇਸਨੂੰ ਕਿਹਾ ਗਿਆ ਕਿ ਤੈਨੂੰ ਇਕ ਥਾਂ ਨੌਕਰੀ ਲੱਭ ਕੇ ਦੇ ਸਕਦਾ ਹਾਂ। ਇਸ ਤਰ੍ਹਾਂ ਇਸ ਕੁੜੀ ਦਾ ਕਈ ਤਰੀਕਿਆਂ ਨਾਲ ਸ਼ੋਸ਼ਣ ਹੁੰਦਾ ਰਿਹਾ। ਅੰਤ ਕਹਿ ਸਕਦੇ ਹਾਂ ਕਿ ਦੁਨੀਆ ਪੀ. ਆਰ. ਲੈਣ ਲਈ ਕਿਹੜੇ-ਕਿਹੜੇ ਇਮਤਿਹਾਨਾਂ ਵਿਚੋਂ ਲੰਘ ਰਹੀ ਹੈ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।