ਆਕਲੈਂਡ 23 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਲੱਖਾਂ ਰੁਪਏ ਡਾਲਰਾਂ ਦੇ ਵਿਚ ਬਦਲ ਕੇ ਵਿਦੇਸ਼ ਪਹੁੰਚੇ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਕਿੰਨੀ ਕੁ ਇਥੇ ਪੜ੍ਹਾਈ ਕਰਦੇ ਰਹੇ ਹੋਣਗੇ? ਦਾ ਅੰਦਾਜ਼ਾ ਰੀ-ਅਸੈਸਮੈਂਟ ਟੈਸਟ ਤੋਂ ਲਾਇਆ ਜਾ ਸਕਦਾ ਹੈ। ਆਕਲੈਂਡ ਸਿਟੀ ਦੇ ਵਿਚ ਬਹੁਤਾਤ ਭਾਰਤੀ ਅਤੇ ਫਿਲਪਾਈਨੀਜ਼ ਵਿਦਿਆਰਥੀਆਂ ਦੀ ਗਿਣਤੀ ਰੱਖਣ ਵਾਲਾ ਇਕ ਕਾਲਜ ਇੰਟਰਨੈਸ਼ਨਲ ਅਕੈਡਮੀ ਆਫ ਨਿਊਜ਼ੀਲੈਂਡ ਬੀਤੇ ਮਹੀਨੇ ਵਿਕ ਗਿਆ ਸੀ ਅਤੇ ਸਾਰੇ ਵਿਦਿਆਰਥੀਆਂ ਇਕ ਹੋਰ ਕਾਲਜ਼ ਈ.ਡੀ.ਈ. ਐਨ. ਜ਼ੈਡ. ਨੂੰ ਦਿੱਤੇ ਜਾਣੇ ਸਨ ਪਰ ਸ਼ਰਤ ਇਹ ਸੀ ਕਿ ਜੇਕਰ ਉਹ ਰੀ-ਅਸੈਸਮੈਂਟ ਟੈਸਟ ਪਾਸ ਕਰ ਲੈਂਦੇ ਹਨ ਤਾਂ ਹੀ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖੀ ਜਾਵੇਗੀ। ਖਬਰ ਆਈ ਹੈ ਕਿ 329 ਵਿਦਿਆਰਥੀਆਂ ਵਿੱਚੋਂ 46 ਵਿਦਿਆਰਥੀ ਹੀ ਆਪਣੇ ਕਰੈਡਿਟ ਬਰਕਰਾਰ ਰੱਖ ਸਕੇ ਜਾਂ ਕਹਿ ਲਈਏ ਉਹ ਪਾਸ ਹੋਏ ਬਾਕੀ ਸਾਰੇ ਫੇਲ ਹੋ ਗਏ। 70 ਵਿਦਿਆਰਥੀ ਥੋੜੇ ਚੰਗੇ ਪਾਏ ਗਏ ਪਰ ਪੂਰੇ ਨਹੀਂ। 213 ਵਿਦਿਆਰਥੀਆਂ ਨੂੰ ਵਿਸ਼ੇਸ਼ ਸਹਾਇਤਾ (ਕੋਚਿੰਗ) ਦੀ ਜਰੂਰਤ ਹੈ ਤਾਂ ਕਿ ਉਹ ਪੜ੍ਹਾਈ ਜਾਰੀ ਰੱਖ ਸਕਣ। ਵਿਦਿਆਰਥੀਆਂ ਨੂੰ ਪੜ੍ਹਾਈ ਪੱਧਰ ਉਚਾ ਕਰਨ ਵਾਸਤੇ ਇਮੀਗ੍ਰੇਸ਼ਨ ਸਹਾਇਤਾ ਕਰ ਰਹੀ ਹੈ ਅਤੇ ਕੋਈ ਵੱਖਰਾ ਖਰਚਾ ਨਹੀਂ ਲਿਆ ਜਾਵੇਗਾ। ਨਵੇਂ ਕਾਲਜ ਵੱਲੋਂ 600 ਤੋਂ ਵੱਧ ਵਿਦਿਆਰਥੀਆਂ ਦਾ ਟੈਸਟ ਲਿਆ ਗਿਆ ਸੀ। ਇਸਦਾ ਸਿੱਧਾ ਮਤਲਬ ਨਿਕਲਦਾ ਹੈ ਕਿ ਇਹ ਵਿਦਿਆਰਥੀ ਨਵੇਂ ਕਾਲਜ ਦੇ ਵਿਚ ਪੁਰਾਣੇ ਕਾਲਜ ਦੇ ਲੈਵਲ ਅਧੀਨ ਨਹੀਂ ਲਏ ਜਾ ਸਕਦੇ। ਇਨ੍ਹਾਂ ਵਿਦਿਆਰਥੀਆਂ ਦਾ ਇੰਗਲਿਸ਼ ਪੱਧਰ ਸਹੀ ਹੋਣ ਉਤੇ ਹੀ ਇਹ ਇਸ ਦੇਸ਼ ਵਿਚ ਰਹਿ ਕੇ ਪੜ੍ਹਾਈ ਜਾਰੀ ਰੱਖ ਸਕਣਗੇ। ਇਸ ਦੇ ਵਾਸਤੇ ਆਈਲੈਟਸ ਟੈਸਟ ਦੇਣਾ ਪਵੇਗਾ। ਬਹੁਤ ਸਾਰੇ ਵਿਦਿਆਰਥੀ ਬਿਨਾਂ ਆਈਲੈਟਸ ਆਏ ਸਨ, ਜਿਨ੍ਹਾਂ ਦਾ ਇੰਗਲਿਸ਼ ਲੈਵਲ ਕਿਸੇ ਬਦਲਵੇਂ ਤਰੀਕੇ ਨਾਲ ਉਸ ਸਮੇਂ ਚੈਕ ਕੀਤਾ ਗਿਆ ਸੀ। ਖਬਰਾਂ ਹਨ ਕਿ ਇੰਟਰਨੈਸ਼ਨਲ ਅਕੈਡਮੀ ਦੇ ਵਿਚ ਗਲਤ ਤਰੀਕੇ ਨਾਲ ਨਤੀਜੇ ਐਲਾਨੇ ਗਏ ਹਨ। ਐਨ. ਜ਼ੈਡ. ਕਿਊ.ਏ. (ਸਿੱਖਿਆ ਵਿਭਾਗ) ਨੇ ਬਹੁਤ ਹੀ ਗੰਭੀਰ ਕਿਸਮ ਦੀਆਂ ਊਣਤਾਈਆਂ ਕਾਲਜ ਦੇ ਟੈਸਟ ਲੈਣ ਦੇ ਸਿਸਟਮ ਵਿਚ ਫੜੀਆਂ ਹਨ। ਖਬਰਾਂ ਹਨ ਕਿ ਹੁਣ ਐਨ. ਜ਼ੈਡ. ਕਿਊ.ਏ. ਵਿਭਾਗ ਕਾਲਜ ਦੇ ਸਾਬਕਾ ਡਾਇਰੈਕਟਰਾਂ ਦੀ ਵੀ ਪੜ੍ਹਤਾਲ ਕਰ ਰਿਹਾ ਹੈ। ਇਨ੍ਹਾਂ ਹਲਾਤਾਂ ਦੇ ਚਲਦਿਆਂ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੱਡੀ ਪ੍ਰੇਸ਼ਾਨੀ ਦੇ ਵਿਚ ਲੰਘ ਰਹੇ ਹਨ ਅਤੇ ਉਨ੍ਹੰਾਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਵੀ ਦਿਨ-ਰਾਤ ਖਾ ਰਿਹਾ ਹੈ। ਇਸ ਤੋਂ ਪਹਿਲਾਂ ਨਕਲੀ ਬੈਂਕ ਕਾਗਜ਼ ਵਰਤਣ ਕਰਕੇ 150 ਦੇ ਕਰੀਬ ਭਾਰਤੀ ਵਿਦਿਆਰਥੀਆਂ ਪਹਿਲਾਂ ਹੀ ਡੀਪੋਰਟੇਸ਼ਨ ਦੀ ਕਾਰਵਾਈ ਵਿੱਚੋਂ ਲੰਘ ਰਹੇ ਹਨ।
Source link