ਸਰੀ, (ਇਸ਼ਪ੍ਰੀਤ ਕੌਰ): ਵੈਸਟ ਸ਼ੌਅਰ ਵਿਖੇ ਇੱਕ ਗੈਸ ਸਟੇਸ਼ਨ ‘ਤੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਉਥੇ ਇੱਕ ਵਿਅਕਤੀ ਨੇ ਮਾਸਕ ਪਾਉਣ ਤੋਂ ਇਨਕਾਰ ਕਰਦਿਆਂ ਸਟਾਫ਼ ਮੈਂਬਰ ਨਾਲ ਉਲਝਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਨੇ ਮਾਸਕ ਨਹੀਂ ਸੀ ਪਾਇਆ ਹੋਇਆ ਅਤੇ ਸਟਾਫ਼ ਮੈਂਬਰਾਂ ਵਲੋਂ ਉਸ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਪਰ ਉਸ ਨੇ ਸਟਾਫ਼ ਮੈਂਬਰਾਂ ਦੀ ਗੱਲ ਨਹੀਂ ਮੰਨੀ ਅਤੇ ਇਸ ਗੱਲ ‘ਤੇ ਝਗੜਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪੁਲਸ ਨੂੰ ਬੁਲਾਉਣਾ ਪਿਆ। ਪੁਲਿਸ ਵਲੋਂ ਇਸ 40 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮਾਸਕ ਨਾ ਪਾਉਣ ਕਰਕੇ ਕੋਵਿਡ-19 ਸਬੰਧੀ ਐਕਟ ਦੀ ਉਲੰਘਣਾ ਕਰਨ ‘ਤੇ 230 ਡਾਲਰ ਜ਼ੁਰਮਾਨਾ ਲਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਵਲੋਂ ਕੁਝ ਦਿਨ ਪਹਿਲਾਂ ਵੀ ਸਟਾਰਬਕਸ ਦੇ ਸਟਾਫ਼ ਮੈਂਬਰਾਂ ਨਾਲ ਬਦਸਲੂਕੀ ਕੀਤੀ ਗਈ ਸੀ ਅਤੇ ਗਾਲ੍ਹਾਂ ਕੱਢੀਆਂ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਸਟਾਰਬਕਸ ਵਲੋਂ ਇਸ ਘਟਨਾ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ ਪਰ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਕਿਹਾ ਇਸ ਵਿਅਕਤੀ ਨੂੰ ਉਸ ਮਾਮਲੇ ‘ਚ ਵੀ ਟਿਕਟ ਜਾਰੀ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦੱਸਿਆ ਕਿ ਦੁਕਾਨਦਾਰ ਜੇਕਰ ਕਿਸੇ ਅਜਿਹੇ ਵਿਅਕਤੀ ਨੂੰ ਆਪਣੇ ਸਟੋਰ ‘ਚ ਵੜ੍ਹਨ ਤੋਂ ਰੋਕਦੇ ਹਨ ਜਿਸਨੇ ਮਾਸਕ ਨਹੀਂ ਪਾਇਆ ਤਾਂ ਉਹ ਕੁਝ ਗਲਤ ਨਹੀਂ ਕਰ ਰਹੇ ਕਿਉਂਕਿ ਸੂਬਾ ਸਰਕਾਰ ਵਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਅੰਦਰੂਨੀ ਅਤੇ ਜਨਤਕ ਥਾਂਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਅਜਿਹਾ ਨਹੀਂ ਕਰਦਾ ਜਾਂ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤੀ ਜਾਵੇਗਾ।