ਐਬਟਸਫੋਰਡ : (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਨਿਵਾਸੀ 102 ਸਾਲਾ ਅੰਗਰੇਜ਼ਣ ਬੇਬੇ ਲੋਲਾ ਹੋਲਮਰਸ ਨੇ ਦੁਨੀਆ ਦੀ ਸਭ ਤੋਂ ਵੱਡੀ ਉਮਰ ਦੀ ਕਰਲਿੰਗ ਖਿਡਾਰਨ ਵਜੋਂ ਆਪਣਾ ਨਾਂਅ ਗਿਨੀਜ਼ ਵਰਲਡ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ।ਲੋਲਾ ਹੋਲਮਸ ਦਾ ਜਨਮ 4 ਅਕਤੂਬਰ, 1918 ਨੂੰ ਸਸਕੈਚਵਨ ਸੂਬੇ ਦੇ ਸ਼ਹਿਰ ਲੂਸਲੈਂਡ ਵਿਖੇ ਹੋਇਆ ਸੀ।ਲੋਲਾ ਨੇ ਦੱਸਿਆ ਕਿ 24 ਸਾਲ ਦੀ ਉਮਰ ਵਿਚ ਉਸ ਨੇ ਕਰਲਿੰਗ ਖੇਡਣੀ ਸ਼ੁਰੂ ਕੀਤੀ ਸੀ। ਫਿਰ ਉਸ ਨੂੰ ਸਟਾਫ ਨਰਸ ਵਜੋਂ ਹਸਪਤਾਲ ਵਿਚ ਨੌਕਰੀ ਮਿਲ ਗਈ। ਇਸੇ ਦੌਰਾਨ ਉਸ ਦਾ ਵਿਆਹ ਹੋ ਗਿਆ ਤੇ 2 ਬੱਚੇ ਪੈਦਾ ਹੋਏ। ਬੱਚਿਆਂ ਦੀ ਸਾਂਭ-ਸੰਭਾਲ ਤੇ ਨੌਕਰੀ ਕਾਰਨ ਉਸ ਨੇ ਕਰਲਿੰਗ ਖੇਡਣੀ ਛੱਡ ਦਿੱਤੀ ਸੀ। ਫਿਰ ਰਿਹਾਇਰ ਹੋਣ ਤੋਂ ਬਾਅਦ ਉਸ ਨੇ ਦੁਬਾਰਾ ਖੇਡਣਾ ਸ਼ੁਰੂ ਕੀਤਾ ਤੇ ਕੋਰੋਨਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਵੈਨਕੂਵਰ ਕਰਲਿੰਗ ਕਲੱਬ ਵਿਖੇ ਰੋਜ਼ਾਨਾ ਖੇਡਦੀ ਰਹੀ ਹੈ। 2 ਸਦੀਆਂ ਦੇਖ ਚੁੱਕੀ ਲੋਲਾ ਹੋਲਮਸ ਪੂਰੀ ਤਰ੍ਹਾਂ ਸਿਹਤਯਾਬ ਹੈ।