ਸਰੀ, (ਹਰਦਮ ਮਾਨ): ਸਰੀ ਮਿਊਂਸਪਲ ਕੌਂਸਲਰ ਜੈਕ ਹੁੰਦਲ ਨੂੰ ਸੋਸ਼ਲ ਮੀਡੀਆ ਉਪਰ ਕਿਸੇ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਜੈਕ ਹੁੰਦਲ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਉਸ ਦੇ ਘਰ ਦੇ ਬਾਹਰ ਸੁਰੱਖਿਆ ਦੇ ਕਦਮ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਜੈਕ ਹੁੰਦਲ ਆਰ ਸੀ ਐਮ ਪੀ ਦੇ ਸਾਬਕਾ ਅਫਸਰ ਹਨ ਅਤੇ ਉਹ ਸਰੀ ਵਿਚ ਆਰ ਸੀ ਐਮ ਪੀ ਦੀ ਥਾਂ ਮਿਊਂਸਪਲ ਪੁਲਿਸ ਲਿਆਉਣ ਦਾ ਵਿਰੋਧ ਕਰਦੇ ਆ ਰਹੇ ਹਨ।
ਜੈਕ ਹੁੰਦਲ ਨੇ ਦੱਸਿਆ ਕਿ ਉਸ ਨੇ ਸਵੇਰੇ 6.30 ਵਜੇ ਜਦੋਂ ਆਪਣੇ ਫੋਨ ਉਪਰ ਇਕ ਮੈਸਜ ਵੇਖਿਆ ਜਿਸ ਵਿਚ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜੈਕ ਨੇ ਧਮਕੀ ਦੇਣ ਵਾਲੇ ਵਿਅਕਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਉਸ ਦੀ ਸ਼ਿਕਾਇਤ ਉਪਰੰਤ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਸੂਤਰਾਂ ਮੁਤਾਬਿਕ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।