ਲੰਡਨ, 1 ਅਗਸਤ -ਸਾਊਥਾਲ ਵਿਖੇ ਸਨਿਚਰਵਾਰ ਦੀ ਰਾਤ ਨੂੰ ਇਕ 33 ਸਾਲਾ ਪੰਜਾਬੀ ਗੁਰਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਤਿੰਨ ਕਾਰ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਊਥਾਲ ਦੇ ਘਰੇਲੂ ਇਲਾਕੇ ‘ਚ ਹਮਲਾ ਕੀਤਾ, ਜਿਸ ਨਾਲ ਗੁਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ਦੇ ਗਵਾਹਾਂ ਅਨੁਸਾਰ ਇਕ ਗੂੜੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਗੁਰਿੰਦਰ ਸਿੰਘ ਨੂੰ ਸਪਾਈਕ ਬਰਿਜ਼ ਰੋਡ ‘ਤੇ ਸਨਿੱਚਰਵਾਰ ਸ਼ਾਮ 11 ਵਜੇ ਦੇ ਬਾਅਦ ਲਿਤਾੜਨ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਬਾਅਦ ਤਿੰਨ ਵਿਅਕਤੀ ਕਾਰ ‘ਚੋਂ ਬਾਹਰ ਨਿਕਲੇ ਅਤੇ ਇਕ ਲੰਬੇ ਤੇਜ਼ਧਾਰ ਹਥਿਆਰ ਨਾਲ ਚਾਰ ਵਾਰ ਕੀਤੇ, ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਹਮਲਾ ਤਲਵਾਰ ਅਤੇ ਚਾਕੂਆਂ ਨਾਲ ਕੀਤਾ ਗਿਆ ਹੈ।
30 ਸਕਿੰਟਾਂ ‘ਚ ਇਸ ਵਾਰਦਾਤ ਨੂੰ ਅੰਜ਼ਾਮ ਦੇ ਕੇ ਹਮਲਾਵਰ ਜਲਦੀ ਨਾਲ ਕਾਰ ‘ਚ ਦੌੜ ਗਏ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਗੁਰਿੰਦਰ ਸਿੰਘ ਦੀ ਮਦਦ ਕਰਦੇ ਹੋਏ ਉਸ ਨੂੰ ਪਾਣੀ ਦਿੱਤਾ ਅਤੇ ਐਂਬੂਲੈਂਸ ਦੇ ਆਉਣ ਤੱਕ ਉਸ ਦੀ ਮਦਦ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਖੂਨ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੱਲ੍ਹ ਸਵੇਰੇ 6:30 ਵਜੇ ਲੰਡਨ ਹਸਪਤਾਲ ‘ਚ ਗੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੁਰਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਟਾਂਡੀਆ ਦਾ ਜੰਮਪਲ ਸੀ ਅਤੇ ਉਹ ਇਮਾਰਤ ਦਾ ਕੰਮ ਕਰਦਾ ਸੀ। ਪੁਲਿਸ ਦੇ ਹੋਮੀਸਾਈਡ ਅਤੇ ਮੇਜਰ ਕ੍ਰਾਈਮ ਕਮਾਂਡ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਇਕ 24 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਚੀਫ ਇੰਸਪੈਕਟਰ ਮਾਰਕ ਲੌਸਨ ਨੇ ਇਸ ਮਾਮਲੇ ‘ਚ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਅਤੇ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਹੈ।