-ਪੰਜਾਬੀਆਂ ਨੇ ਹੀ ਫੜਾਇਆ ਸੀ ਪਿੱਛਾ ਕਰਕੇ
-ਦੋਸ਼ੀ ਨੂੰ ਹੋ ਸਕਦੀ ਹੈ ਹੁਣ 14 ਸਾਲ ਦੀ ਸਜ਼ਾ
ਆਕਲੈਂਡ 21 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 28 ਅਗਸਤ ਨੂੰ ਹੇਸਟਿੰਗਜ਼ ਵਿਖੇ ਇਕ ਪੰਜਾਬੀ ਪਰਿਵਾਰ ਦੀ ਡੇਅਰੀ ਸ਼ਾਪ ਨੂੰ ਲੁੱਟ ਕੇ ਭੱਜ ਰਹੇ ਲੁਟੇਰੇ ਨੂੰ ਡੇਅਰੀ ਮਾਲਕਾਂ ਵੱਲੋਂ ਪਿੱਛਾ ਕਰਕੇ ਪੁਲਿਸ ਦੇ ਸਹਿਯੋਗ ਨਾਲ ਗ੍ਰਿਫਤਾਰ ਕਰਵਾ ਦਿੱਤਾ ਗਿਆ ਸੀ। ਬੀਤੇ ਕੱਲ੍ਹ ਇਸ ਨੂੰ ਹੇਸਟਿੰਗਜ਼ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਨਿਰਾਸ਼ਾਜਨਕ ਹਾਲਤ ਵਿਚ ਰਹਿਣ ਵਾਲਾ 6 ਬੱਚਿਆਂ ਦਾ ਇਹ ਬਾਪ ਆਪਣੇ ਆਪ ਨੂੰ ਅਭਾਗਾ ਅਤੇ ਬੇਰੁਜ਼ਗਾਰ ਦੱਸਦਾ ਹੈ। ਜਿਸ ਦਿਨ ਇਸਨੇ ਬੰਦੂਕ ਦੀ ਨੋਕ ਉਤੇ ਡੇਅਰੀ ਨੂੰ ਲੁਟਿਆ ਉਸ ਤੋਂ ਪਹਿਲਾਂ ਉਹ ਆਪਣੇ ਬੱਚੇ ਦਾ ਸਕੂਲ ਬੈਗ ਇਹ ਕਹਿ ਕਿ ਲਿਆਇਆ ਸੀ ਕਿ ਉਸਨੂੰ ਡੇਅਰੀ ਦੇ ਉਤੇ ਕੋਈ ਕੰਮ ਕਰਨ ਜਾਣਾ ਹੈ। ਇਸ ਲੁਟੇਰੇ ਨੂੰ ਘਟਨਾ ਤੋਂ ਇਕ ਘੰਟੇ ਬਾਅਦ ਹੀ ਫੜ ਲਿਆ ਗਿਆ ਸੀ ਅਤੇ ਇਸਨੇ ਹੁਣ ਤੱਕ 17 ਲੁੱਟਾਂ ਖੋਹਾਂ ਕੀਤੀਆਂ ਹਨ। ਜੱਜ ਸਾਹਿਬ ਵੱਲੋਂ ਥ੍ਰੀ ਸਟਰਾਈਕ ਸਜ਼ਾ ਕਾਨੂੰਨ ਲਾਗੂ ਕਰਨ ਦੀ ਉਸਨੂੰ ਚੇਤਾਵਨੀ ਦਿੱਤੀ ਗਈ ਜਿਸ ਦੇ ਵਿਚ ਦਫਾ ਮੁਤਾਬਿਕ ਵੱਧ ਤੋਂ ਵੱਧ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਕਿ 14 ਸਾਲ ਵੀ ਹੋ ਸਕਦੀ ਹੈ। ਇਸ ਨੂੰ 1 ਦਸੰਬਰ ਤੱਕ ਹਿਰਾਸਤ ਵਿਚ ਰੱਖਣ ਲਈ ਕਿਹਾ ਗਿਆ ਹੈ ਤੇ ਉਸ ਦਿਨ ਸਜ਼ਾ ਸੁਣਾਈ ਜਾਵੇਗੀ।